ਫ਼ਤਹਿਗੜ੍ਹ ਸਾਹਿਬ : ਫ਼ਤਹਿਗੜ੍ਹ ਸਾਹਿਬ ਦੇ ਪਿੰਡ ਖੇੜੀ ਤੋਂ ਦਿਲ ਨੂੰ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਚਾਕਲੇਟ ਖਾਣ ਨਾਲ 3 ਸਾਲ ਦੇ ਬੱਚੇ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਣ ਫ਼ਤਹਿ ਸਿੰਘ ਵਜੋਂ ਹੋਈ ਹੈ। ਮਿਤਕ ਦੇ ਦਾਦਾ ਸੋਹਣ ਸਿੰਘ ਨੇ ਦਸਿਆ ਕਿ ਤਿੰਨ ਦਿਨ ਪਹਿਲਾਂ ਉਸ ਨੇ ਅਪਣੇ ਪੋਤਰੇ ਫ਼ਤਿਹ ਸਿੰਘ ਨੂੰ ਖਾਣ ਲਈ ਚਾਕਲੇਟ ਦਿਤੀ ਸੀ, ਜਿਸ ਤੋਂ ਬਾਅਦ ਉਸ ਦੇ ਚਿਹਰੇ ‘ਤੇ ਦਾਗ ਪੈ ਗਏ ਅਤੇ ਸਾਹ ਲੈਣ ‘ਚ ਮੁਸ਼ਕਲ ਹੋਣ ਲੱਗੀ। ਉਸ ਨੂੰ ਸਿਵਲ ਹਸਪਤਾਲ ਬੱਸੀ ਪਠਾਣਾ ਲਿਜਾਇਆ ਗਿਆ। ਡਾਕਟਰਾਂ ਨੇ ਉਸ ਨੂੰ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਰੈਫ਼ਰ ਕਰ ਦਿੱਤਾ ਜਿਥੇ ਅੱਜ ਸਵੇਰੇ ਉਸ ਦੀ ਮੌਤ ਹੋ ਗਈ।