ਮਾਲੇਰਕੋਟਲਾ, 20 ਮਈ (ਬਲਵਿੰਦਰ ਸਿੰਘ ਭੁੱਲਰ) ਪੰਜਾਬ ਸਰਕਾਰ ਵਲੋਂ ਸੂਬੇ ਦੇ ਕਿਸਾਨਾਂ ਲਈ ਝੋਨੇ ਦੀ ਲਵਾਈ ਵਾਸਤੇ ਅਗਲੇ ਮਹੀਨੇ ਜੂਨ ਦੌਰਾਨ ਸਮਾਂ ਸਾਰਨੀ ਤਾਂ ਨਿਸਚਿਤ ਕਰ ਦਿੱਤੀ ਗਈ ਹੈ ਪਰ ਸੂਬੇ ਦਾ ਕਿਸਾਨ ਭਾਈਚਾਰਾ ਝੋਨੇ ਦੀ ਤਕਰੀਬਨ ਸਭ ਤੋਂ ਵੱਧ ਝਾੜ੍ਹ ਦੇਣ ਵਾਲੀ ਪੂਸਾ-44 ਦੀ ਪਨੀਰੀ ਬੀਜਣ ਦੇ ਮਾਮਲੇ ਵਿੱਚ ਦੁਚਿੱਤੀ ਦਾ ਬੁਰੀ ਤਰਾਂ੍ਹ ਸ਼ਿਕਾਰ ਹੋ ਗਿਆ ਹੈ ਕਿ ਇਸੇ ਸਾਲ ਦੇ ਅਕਤੂਬਰ ਨਵੰਬਰ ਮਹੀਨੇ ਤੱਕ ਪੱਕ ਕੇ ਤਿਆਰ ਹੋਣ ਵਾਲੀ ਇਸ ਪੂਸਾ-44 ਕਿਸਮ ਦੇ ਝੋਨੇ ਨੂੰ ਸੂਬਾ ਅਤੇ ਕੇਂਦਰ ਸਰਕਾਰ ਦੀਆਂ ਖ੍ਰੀਦ ਏਜੰਸੀਆਂ ਝੋਨੇ ਦੀਆਂ ਬਾਕੀ ਕਿਸਮਾਂ ਵਾਂਗ ਦਾਣਾ ਮੰਡੀਆਂ ਵਿੱਚੋਂ ਖੀ੍ਰਦਣਗੀਆਂ ਵੀ ਕਿ ਨਹੀਂ। ਕਿਸਾਨਾਂ ਦਾ ਕਹਿਣਾ ਹੈ ਕਿ ਝੋਨੇ ਦੀ ਪੂਸਾ-44 ਕਿਸਮ ਹਰ ਤਰਾਂ੍ਹ ਦੇ ਚੰਗੇ ਮਾੜੇ੍ਹ ਮੌਸਮ ਦੀ ਮਾਰ ਨੂੰ ਸਹਿਣ ਅਤੇ ਸਾਹਮਣਾ ਕਰਨ ਲਈ ਸਭ ਤੋਂ ਸਰਵ ਉੱਤਮ ਕਿਸਮ ਦੀ ਫਸਲ ਮੰਨੀ ਜਾਂਦੀ ਹੈ ਜਦ ਕਿ ਬਾਕੀ ਬਹੁਤ ਸਾਰੀਆਂ ਕਿਸਮਾਂ ਮੌਸਮ ਦੀ ਮਾਰ ਨਹੀਂ ਝਲਦੀਆਂ ਅਤੇ ਜ਼ਮੀਨ ਤੇ ਵਿਛ ਜਾਂਦੀਆਂ ਹਨ ਜਿਸ ਨਾਲ ਫਸਲ ਦਾ ਝਾੜ੍ਹ ਤਾਂ ਕੁਦਰਤੀ ਤੌਰ ਤੇ ਘਟਦਾ ਹੀ ਹੈ ਪਰ ਇਸ ਦੇ ਨਾਲ ਨਾਲ ਝੋਨੇ ਦੇ ਦਾਣੇ ਵੀ ਬਦਰੰਗ ਹੋ ਜਾਂਦੇ ਹਨ ਪਰ ਝੋਨੇ ਦੀ ਪੂਸਾ-44 ਕਿਸਮ ਨਾਲ ਅਜਿਹਾ ਕੁਝ ਨਹੀਂ ਵਾਪਰਦਾ ਅਤੇ ਇਹ ਝੱਖੜ੍ਹ ਤੂਫਾਨ ਦੌਰਾਨ ਜ਼ਮੀਨ ਤੇ ਗਿਰਦੀ ਵੀ ਨਹੀਂ। ਇਸੇ ਮੁਸ਼ਕਲ ਸਬੰਧੀ ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਦੇ ਮੁਖੀ ਸ.ਸਤਨਾਮ ਸਿੰਘ ਬਹਿਰੂ ਨੇ ਸੂਬਾ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਸਬੰਧਤ ਸਰਕਾਰਾਂ ਵਲੋਂ ਕਿਸਾਨਾਂ ਨੂੰ ਇਸ ਕਿਸਮ ਦਾ ਝੋਨਾ ਲਗਾਉਣ ਦੀ ਫੌਰੀ ਇਜ਼ਾਜਤ ਦਿੱਤੀ ਜਾਵੇ ਤਾਂ ਕਿ ਉਹ ਆਪਣੇ ਖੇਤਾਂ ਵਿੱਚ ਪੂਸਾ-44 ਕਿਸਮ ਦੇ ਝੋਨੇ ਦੀ ਪਨੀਰੀ ਦੀ ਬਿਜਾਈ ਕਰ ਸਕਣ।ਅਗਰ ਕਿਸੇ ਕਾਰਨ ਵਸ ਇਸ ਕਿਸਮ ਤੇ ਕੋਈ ਸਰਕਾਰੀ ਪਾਬੰਦੀ ਲਾਗੂ ਕੀਤੀ ਗਈ ਹੈ ਤਾਂ ਉਸ ਬਾਰੇ ਵੀ ਸੂਚਿਤ ਕੀਤਾ ਜਾਵੇ।