ਦਾਜ ਦਹੇਜ਼ ਰੋਕੂ ਕਾਨੂੰਨ ਦੇ ਸੈਕਸ਼ਨ 3, ਐਕਟ 1961 ਵਿੱਚ ਇਹ ਸਪਸ਼ਟ ਦਰਜ਼ ਕੀਤਾ ਗਿਆ ਹੈ ਕਿ ਦਾਜ਼ ਲੈਣਾ ਅਤੇ ਦਾਜ਼ ਦੇਣਾ ਦੋਵੇਂ ਅਪਰਾਧ ਦੀ ਸ਼ੇ੍ਰਣੀ ਵਿੱਚ ਆਉਂਦੇ ਹਨ ਜਿਸ ਦੇ ਚਲਦਿਆਂ ਦਾਜ਼ ਦੇਣ ਅਤੇ ਦਾਜ਼ ਲੈਣ ਵਾਲੇ ਦੋਵਾਂ ਪ੍ਰਵਾਰਾਂ ਖਿਲਾਫ ਇਸ ਸਮਾਜਕ ਅਪਰਾਧ ਲਈ ਪਰਚਾ ਦਰਜ਼ ਕੀਤਾ ਜਾ ਸਕਦਾ ਹੈ। ਪੰਜਾਬ ਅੰਦਰ ਦਾਜ ਪ੍ਰਥਾ ਬਹੁਤ ਆਮ ਜਿਹੀ ਗੱਲ ਹੈ ਅਤੇ ਪਿਛਲੇ ਸਮੇਂ ਦੌਰਾਨ ਇਸੇ ਬੁਰਾਈ ਕਾਰਨ ਪੰਜਾਬ ਅੰਦਰ ਹਜ਼ਾਰਾਂ ਧੀਆਂ ਦਾਜ਼ ਦੀ ਬਲੀ ਚੜੀਆਂ ਹਨ। ਸਾਡੇ ਦੇਸ਼ ਅੰਦਰ ਵਿਆਹੀਆਂ ਹੋਈਆਂ ਉਹ ਔਰਤਾਂ ਜਿਹੜੀਆਂ ਉਸ ਦੇ ਪਤੀ ਅਤੇ ਬਾਕੀ ਪ੍ਰਵਾਰ ਵਲੋਂ ਘੱਟ ਦਾਜ ਲਿਆਉਣ ਬਦਲੇ ਕੁੱਟੀਆਂ ਜਾਂ ਮਾਰੀਆਂ ਜਾਂਦੀਆਂ ਜਾਂ ਉਨਹਾਂ ਨੂੰ ਦਾਜ ਦੀ ਘਾਟ ਕਾਰਨ ਮਰਨ ਲਈ ਮਜਬੂਰ ਕੀਤਾ ਜਾਂਦਾ ਹੈ ਉਸ ਨੂੰ ਦਾਜ ਦਹੇਜ਼ ਨਾਲ ਸਬੰਧਤ ਮੌਤਾਂ ਵਜੋਂ ਜਾਣਿਆ ਜਾਂਦਾ ਹੈ। ਦਾਜ ਦੀ ਪ੍ਰਥਾ ਸਦੀਆਂ ਪਹਿਲਾਂ ਭਾਰਤ, ਪਾਕਿਸਤਾਨ,ਬੰਗਲਾਦੇਸ਼ ਅਤੇ ਈਰਾਨ ਦੇ ਬਹੁਤ ਸਾਰੇ ਇਲਾਕਿਆਂ ਅੰਦਰ ਸ਼ੁਰੂ ਹੋਈ ਸੀ ਜਿੱਥੇ ਲੜਕੀ ਵਾਲੇ ਆਪਣੀਆਂ ਬੇਟੀਆਂ ਦੇ ਵਿਆਹ ਦੇ ਮੌਕੇ ਤੇ ਲੜਕੇ ਵਾਲਿਆਂ ਨੂੰ ਮਹਿੰਗੇ ਤੋਹਫੇ ਅਤੇ ਹੋਰ ਅਨੇਕਾਂ ਵਸਤਾਂ ਭੇਂਟ ਕਰਿਆ ਕਰਦੇ ਸਨ ਅਤੇ ਇਹੀ ਪ੍ਰਥਾ ਹੌਲੀ ਹੌਲੀ ਦਾਜ ਦਹੇਜ਼ ਦਾ ਰੂਪ ਧਾਰ ਗਈ। ਸਾਡੇ ਦੇਸ਼ ਅੰਦਰ ਸਾਲ 2010 ਦੌਰਾਨ ਦਾਜ ਨਾਲ ਸਬੰਧਤ 8391 ਮੌਤਾਂ ਹੋਈਆਂ ਜਿਹੜੀਆਂ ਸਿੱਧੇ ਜਾਂ ਅਸਿੱਧੇ ਢੰਗ ਨਾਲ ਦਾਜ ਨਾਲ ਹੀ ਸਬੰਧਤ ਸਨ। ਨਵ ਵਿਆਹੀਆਂ ਉਹ ਔਰਤਾਂ ਜਿਨ੍ਹਾਂ ਦੀ ਮੌਤ ਉਨਹਾਂ ਦੇ ਸਹੁਰੇ ਘਰ ਹੁੰਦੀ ਹੈ ਉਨ੍ਹਾਂ ਵਿੱਚੋਂ 40 ਤੋਂ ਲੈ ਕੇ 50 ਫੀ ਸਦੀ ਦਾਜ ਦਹੇਜ ਨਾਲ ਹੀ ਸਬੰਧਤ ਹੁੰਦੀਆਂ ਹਨ। ਸਾਡੇ ਗਵਾਂਢੀ ਦੇਸ਼ ਪਾਕਿਸਤਾਨ ਅੰਦਰ ਵੀ ਦਾਜ ਪ੍ਰਥਾ ਦੀ ਬੁਰਾਈ ਕਾਰਨ ਹਰ ਸਾਲ ਤਕਰੀਬਨ 2000 ਨੌਜਵਾਨ ਔਰਤਾਂ ਨੂੰ ਮੌਤ ਦੇ ਮੂੰਹ ਵਿੱਚ ਧੱਕਿਆ ਜਾ ਰਿਹਾ ਹੈ। ਸਹੁਰੇ ਘਰ ਵਿੱਚ ਘੱਟ ਦਾਜ਼ ਲਿਆਉਣ ਵਾਲੀਆਂ ਵਿਆਹੁਤਾ ਔਰਤਾਂ ਨੂੰ ਉਨਹਾਂ ਦੇ ਸਹੁਰਾ ਪ੍ਰਵਾਰ ਵਲੋਂ ਕਈ ਢੰਗਾਂ ਨਾਲ ਮਾਰ ਦਿੱਤਾ ਜਾਂਦਾ ਹੈ ਜਿਨਹਾਂ ਵਿੱਚੋਂ ਸਟੋਵ ਫਟਣਾ, ਗੈਸ ਸਲੰਡਰ ਫਟਣਾ, ਫਾਹਾ ਲਾਉਣਾ, ਜ਼ਹਿਰ ਦੇਣਾ, ਐਕਸੀਡੈਂਟ ਕਰਵਾਉਣਾ, ਨਹਿਰ ਵਿੱਚ ਧੱਕਾ ਦੇਣਾ ਜਾਂ ਬਿਜਲੀ ਦਾ ਕਰੰਟ ਲਗਾਉਣਾ ਵੀ ਸ਼ਾਮਲ ਹੈ। ਕੇਰਲਾ ਅੰਦਰ ਇੱਕ ਨਵ ਵਿਆਹੁਤਾ 25 ਸਾਲਾ ਲੜਕੀ ਨੂੰ ਉਸ ਦੇ ਪਤੀ ਵਲੋਂ 7 ਮਈ 2020 ਨੂੰ ਕੋਬਰਾ ਸੱਪ ਦਾ ਜ਼ਹਿਰੀਲਾ ਡੰਗ ਮਰਵਾ ਕੇ ਮਾਰਿਆ ਗਿਆ ਪਰ ਜਦੋਂ ਲੜਕੀ ਦੇ ਕਮਰੇ ਵਿੱਚੋਂ ਜਿਉਂਦਾ ਕੋਬਰਾ ਸੱਪ ਬਰਾਮਦ ਹੋਇਆ ਤਾਂ ਸਬੰਧਤ ਅਦਾਲਤ ਵਲੋਂ ਉਸ ਦੇ ਪਤੀ ਨੂੰ ਇੱਕ ਜਿਉਂਦੇ ਜਾਨਵਰ ਨੂੰ ਮੌਤ ਦਾ ਹਥਿਆਰ ਬਣਾ ਕੇ ਆਪਣੀ ਪਤਨੀ ਨੂੰ ਮਾਰਨ ਦੇ ਦੋਸ਼ ਵਿੱਚ 13 ਅਕਤੂਬਰ 2021 ਨੂੰ 17 ਸਾਲ ਦੀ ਸਜ਼ਾ ਅਤੇ ਇਸ ਸਜਾ ਤੋਂ ਵੱਖਰੀਆਂ ਦੋ ਵੱਖ ਵੱਖ ਉਮਰ ਕੈਦਾਂ ਦੀ ਸਜਾ ਸਮੇਤ ਪੰਜ ਲੱਖ ਦਾ ਜੁਰਮਾਨਾ ਵੀ ਕੀਤਾ ਗਿਆ। ਭਾਰਤ ਅੰਦਰ ਦਾਜ ਦਹੇਜ਼ ਦੀ ਬੁਰਾਈ ਅਤੇ ਲਾਲਚ ਕਾਰਨ ਔਰਤਾਂ ਨੂੰ ਕਤਲ ਕਰਨ ਦੇ ਮਾਮਲੇ ਵਿੱਚ ਦੁਨੀਆਂ ਅੰਦਰ ਪਹਿਲਾ ਸਥਾਨ ਹਾਸਲ ਹੈ। ਨੈਸ਼ਨਲ ਕਰਾਈਮ ਰਿਕਾਰਡਜ਼ ਬਿਊਰੋ ਅਨੁਸਾਰ ਸਾਲ 2012 ਦੌਰਾਨ ਦਾਜ਼ ਨਾਲ ਸਬੰਧਤ 8233 ਮੌਤਾ ਦਰਜ਼ ਕੀਤੀਆਂ ਗਈਆਂ। ਭਾਰਤੀ ਪੁਲਿਸ ਦੀ ਰਿਪੋਰਟ ਅਨੁਸਾਰ 1996 ਮੁਤਾਬਕ ਦੇਸ਼ ਅੰਦਰ ਦਾਜ ਦਹੇਜ਼ ਦੇ ਲਾਲਚ ਕਾਰਨ ਹਰ ਸਾਲ ਲਗਭਗ 2500 ਲੜਕੀਆਂ ਨੂੰ ਅੱਗ ਲਗਾ ਕੇ ਸਾੜਿਆ ਜਾਂਦਾ ਹੈ। ਐਨਸੀਆਰਬੀ ਮੁਤਾਬਕ ਭਾਰਤ ਵਿੱਚ ਵਿਆਹੁਤਾ ਲਵਕੀਆਂ ਦੀਆਂ ਸਾਲ 2011 ਦੌਰਾਨ 8331 ਮੌਤਾ, 2008 ਦੌਰਾਨ 8172, 1998 ਵਿੱਚ 7148 ਮੌਤਾ ਦਾਜ ਦੀ ਬੁਰਾਈ ਕਾਰਨ ਹੋਈਆਂ। ਇਹ ਵੀ ਸੱਚ ਹੈ ਕਿ ਭਾਰਤ ਅੰਦਰ ਦਾਜ਼ ਨਾਲ ਸਬੰਧਤ ਤਕਰੀਬਨ 20 ਫੀ ਸਦੀ ਮੌਤਾ ਦੇ ਮਾਮਲੇ ਪੁਲਿਸ ਸਟੇਸ਼ਨਾਂ ਅੰਦਰ ਰਿਪੋਰਟ ਹੀ ਨਹੀਂ ਕੀਤੇ ਜਾਂਦੇ। ਜਿਵੇਂ ਅਮਰੀਕਾ, ਇੰਗਲੈਂਡ, ਆਸਟ੍ਰੇਲੀਆ,ਕੈਨੇਡਾ ਅਤੇ ਨਿਊਜੀਲੈਂਡ ਵਰਗੇ ਵਿਕਸਤ ਦੇਸ਼ਾਂ ਅੰਦਰ ਦਾਜ ਵਰਗੀ ਕੋਈ ਪ੍ਰਥਾ ਨਹੀਂ ਹੈ ਇਸੇ ਤਰਾਂ ਸਾਡੇ ਦੇਸ਼ ਦੇ ਉੱਤਰ ਪੂਰਬ ਸਥਿੱਤ ਕੁਝ ਸੂਬੇ ਜਿਵੇਂ ਮਿਜ਼ੋਰਮ,ਨਾਗਾਲੈਂਡ ਅਤੇ ਮੇਘਾਲਿਆਂ ਅੰਦਰ ਵੀ ਦਾਜ ਦਹੇਜ਼ ਵਰਗੀ ਕੋਈ ਸਮਾਜਕ ਪ੍ਰਥਾ ਮੌਜੂਦ ਨਹੀਂ।2014 ਦੌਰਾਨ ਨਾਗਾਲੈਂਡ ਵਿੱਚ ਦਾਜ ਨਾਲ ਸਬੰਧਤ ਇੱਕ ਵੀ ਮੌਤ ਨਹੀਂ ਹੋਈ ਜਦ ਕਿ ਇਸ ਸਾਲ ਦੌਰਾਨ ਮਨੀਪੁਰ, ਮੇਘਾਲਿਆ, ਅਰੁਣਾਚਲ ਪ੍ਰਦੇਸ਼ ਅਤੇ ਹਿਮਾਚਲ ਪ੍ਰਦੇਸ਼ ਵਿੱਚ ਦਾਜ ਦੀ ਬੁਰਾਈ ਕਾਰਨ ਸਿਰਫ ਇੱਕ-ਇੱਕ ਮੌਤ ਰਜਿਸਟਰਡ ਕੀਤੀ ਗਈ। ਪੰਜਾਬ ਪੰਜ ਦਰਿਆਵਾਂ ਦੀ ਧਰਤੀ ਤੋਂ ਇਲਾਵਾ ਗੁਰੂਆਂ,ਪੀਰਾਂ ਅਤੇ ਪੈਗੰਬਰਾਂ ਦੀ ਧਰਤੀ ਹੈ ਜਿੱਥੇ ਹਜ਼ਾਰਾਂ ਧਾਰਮਿਕ ਸਥਾਨ ਹਨ ਪਰ ਇਸੇ ਧਰਤੀ ਤੇ ਦਾਜ ਦਹੇਜ਼ ਦੀ ਸਭ ਤੋਂ ਵੱਧ ਭੈੜੀ੍ਹ ਪ੍ਰਥਾ ਹੈ ਅਤੇ ਇਸੇ ਹੀ ਸੂਬੇ ਅੰਦਰ ਹਜ਼ਾਰਾਂ ਨਵ-ਵਿਆਹੁਤਾ ਲੜਕੀਆਂ ਦਾਜ ਦਹੇਜ਼ ਦੀ ਬਲੀ ਚੜ੍ਹ ਚੁੱਕੀਆਂ ਹਨ। ਪੰਜਾਬ ਅਤੇ ਹਰਿਆਣਾ ਵਿੱਚ ਦਾਜ਼ ਪ੍ਰਥਾ ਦੀ ਸਮਾਜਿਕ ਬੁਰਾਈ ਕਾਰਨ ਲੋਕ ਧੀਆਂ ਜੰਮਣ ਤੋਂ ਡਰਨ ਲੱਗ ਪਏ ਸਨ ਜਿਸ ਦੇ ਚਲਦਿਆਂ ਇਨ੍ਹਾਂ ਦੋਵਾਂ ਸੂਬਿਆਂ ਅੰਦਰ ਹੁਣ ਲੰਿਗ ਅਨੁਪਾਤ ਇੰਨਾ੍ਹ ਬੁਰੀ ਤਰਾਂ੍ਹ ਗੜਬੜਾ੍ਹ ਗਿਆ ਹੈ ਕਿ ਇਸ ਦੀ ਨਿਕਟ ਭਵਿੱਖ ਵਿੱਚ ਭਰਪਾਈ ਕਰਨਾ ਅਸੰਭਵ ਹੈ।
ਪੇਸ਼ਕਸ: ਅਮਰੀਕ ਸਿੰਘ ਸੰਘਾ, 18 ਅਪ੍ਰੈਲ 2024