ਨੇੜਲੇ ਪਿੰਡ ਭੱਟੀਵਾਲ ਕਲਾਂ ਦੇ ਸਰਕਾਰੀ ਸਕੂਲ ਦੇ ਇੱਕ ਅਧਿਆਪਕ ਵੱਲੋਂ 12ਵੀਂ ਜਮਾਤ ਦੇ 3 ਵਿਦਿਆਰਥੀਆਂ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬੱਚਿਆਂ ਦੀ ਕੁੱਟਮਾਰ ਦੀ ਸਾਰੀ ਘਟਨਾ ਸਕੂਲ ਦੇ ਕਲਾਸ ਰੂਮ ‘ਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਸਕੂਲ ‘ਚ ਬੱਚਿਆਂ ਦੀ ਕੁੱਟਮਾਰ ਦੀ ਘਟਨਾ ਸ਼ੁੱਕਰਵਾਰ ਨੂੰ ਵਾਪਰੀ। ਦੋਸ਼ ਹੈ ਕਿ ਜਦੋਂ ਪੀੜਤ ਬੱਚਿਆਂ ਨੇ ਪਿੰਡ ਦੇ ਸਰਪੰਚ ਨੂੰ ਮਾਮਲੇ ਬਾਰੇ ਦੱਸਿਆ ਤਾਂ ਸਕੂਲ ਪਹੁੰਚੇ ਸਰਪੰਚ ਤੇ ਉਸ ਦੇ ਸਾਥੀਆਂ ਨਾਲ ਵੀ ਉਕਤ ਅਧਿਆਪਕ ਤੇ ਸਟਾਫ਼ ਵੱਲੋੰ ਮਾੜਾ ਵਿਵਹਾਰ ਕੀਤਾ ਗਿਆ। ਬੱਚੇ ਤੇ ਉਨ੍ਹਾਂ ਦੇ ਮਾਪੇ ਸਹਿਮੇ ਹੋਏ ਹਨ। ਓਧਰ, ਸਕੂਲ ਦੇ ਅਧਿਆਪਕ ਸਟਾਫ਼ ਦਾ ਕਹਿਣਾ ਹੈ ਕਿ ਸਰਪੰਚ ਦੇ ਇਸ਼ਾਰੇ ‘ਤੇ ਸਕੂਲ ‘ਚ ਪਹੁੰਚੇ ਬੱਚਿਆਂ ਦੇ ਮਾਪਿਆਂ ਤੇ ਹੋਰ ਲੋਕਾਂ ਨੇ ਸਕੂਲ ਸਟਾਫ਼ ਨਾਲ ਹੱਥੋਪਾਈ ਕਰਦਿਆਂ ਉਕਤ ਅਧਿਆਪਕ ਦੀ ਕੁੱਟਮਾਰ ਕਰ ਦਿੱਤੀ ਜਿਸ ਕਾਰਨ ਅਧਿਆਪਕ ਨੂੰ ਹਸਪਤਾਲ ‘ਚ ਦਾਖ਼ਲ ਕਰਵਾਉਣਾ ਪਿਆ। ਮਾਮਲੇ ਸਬੰਧੀ ਸਕੂਲ ਪੁੱਜੀ ਪੁਲਸ ਨੇ ਇੱਕ ਵਾਰ ਮਾਮਲਾ ਸ਼ਾਂਤ ਕਰਵਾਉੰਦਿਆਂ ਦੋਵਾਂ ਧਿਰਾਂ ਨੂੰ ਥਾਣੇ ਬੁਲਾ ਲਿਆ ਜਦੋਂਕਿ ਸਿੱਖਿਆ ਵਿਭਾਗ ਦੇ ਜ਼ਿਲਾ ਅਧਿਕਾਰੀ ਨੇ ਮਾਮਲੇ ਦੀ ਵਿਭਾਗੀ ਜਾਂਚ ਕਰਵਾਉਣ ਦੀ ਗੱਲ ਕਹੀ ਹੈ।ਘਟਨਾ ਤੋਂ ਬਾਅਦ ਸਕੂਲ ਦੇ ਪ੍ਰਿੰਸੀਪਲ ਵੀ ਅਧਿਆਪਕ ਦੇ ਸਮਰਥਨ ਵਿੱਚ ਖੜ੍ਹੇ ਨਜ਼ਰ ਆਏ ਅਤੇ ਉਨ੍ਹਾਂ ਕਿਹਾ ਕਿ ਜੇਕਰ ਬੱਚੇ ਕੋਈ ਸ਼ਰਾਰਤ ਕਰਦੇ ਹਨ ਤਾਂ ਉਨ੍ਹਾਂ ਨੂੰ ਸਮਝਾਉਣਾ ਤਾਂ ਪਵੇਗਾ ਹੀ। ਇਸ ਦੇ ਬਾਵਜੂਦ ਉਨ੍ਹਾਂ ਨੇ ਮਾਮਲੇ ਦੀ ਰਿਪੋਰਟ ਆਪਣੇ ਵਿਭਾਗ ਦੇ ਉਚ ਅਧਿਕਾਰੀਆਂ ਨੂੰ ਭੇਜ ਦਿੱਤੀ ਹੈ। ਦੂਜੇ ਪਾਸੇ ਮਾਮਲੇ ਸਬੰਧੀ ਪਿੰਡ ਦੇ ਸਰਪੰਚ ਜਸਕਰਨ ਸਿੰਘ ਲੈੰਪੀ ਨੇ ਦੱਸਿਆ ਕਿ ਜਦੋਂ ਸਕੂਲੀ ਬੱਚੇ ਕੁੱਟਮਾਰ ਦੀ ਸ਼ਿਕਾਇਤ ਲੈ ਕੇ ਉਨ੍ਹਾਂ ਕੋਲ ਆਏ ਤਾਂ ਉਹ ਮਾਮਲੇ ਸਬੰਧੀ ਆਪਣੇ ਪਿੰਡ ਦੇ ਇੱਕ ਜੁੰਮੇਵਾਰ ਵਿਅਕਤੀ ਨੂੰ ਨਾਲ ਲੈ ਕੇ ਪ੍ਰਿੰਸੀਪਲ ਕੋਲ ਗੱਲ ਕਰਨ ਲਈ ਸਕੂਲ ਗਏ ਸਨ ਤਾਂ ਇਸ ਦੌਰਾਨ ਸਕੂਲ ਸਟਾਫ਼ ਵੱਲੋਂ ਉਨ੍ਹਾਂ ਨਾਲ ਦੁਰਵਿਵਹਾਰ ਕੀਤਾ ਗਿਆ ਤੇ ਜਦੋਂ ਉਹ ਪ੍ਰਿੰਸੀਪਲ ਨਾਲ ਗੱਲ ਕਰ ਰਹੇ ਸਨ ਤਾਂ ਉਕਤ ਅਧਿਆਪਕ ਨੇ ਬਾਹਰ ਬੱਚਿਆਂ ਦੇ ਮਾਪਿਆਂ ਨਾਲ ਗਾਲੀ-ਗਲੋਚ ਕਰਕੇ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਬਾਅਦ ਵਿੱਚ ਅਧਿਆਪਕ ਖੁਦ ਜਾ ਕੇ ਹਸਪਤਾਲ ਦਾਖਲ ਹੋ ਗਿਆ।
..ਅਖੇ ਜੋ ਬੰਬ ਸੁੱਟਣਾ ਹੈ ਤੁਸੀੰ ਸੁੱਟ ਲਓ
ਦੂਜੇ ਪਾਸੇ ਜਦੋਂ ਮੀਡੀਆ ਭਵਾਨੀਗੜ੍ਹ ਹਸਪਤਾਲ ‘ਚ ਉਕਤ ਅਧਿਆਪਕ ਨਾਲ ਗੱਲ ਲਈ ਪਹੁੰਚਿਆਂ ਤਾਂ ਉਕਤ ਟੀਚਰ ਨੇ ਉੱਥੇ ਗੱਲ ਕਰਨ ਦੀ ਬਜਾਏ ਅਪਸ਼ਬਦ ਬੋਲਦਿਆਂ ਕਿਹਾ ਕਿ ‘ਜੋ ਵੀ ਬੰਬ ਸੁੱਟਣਾ ਹੈ ਸੁੱਟ ਦਿਓ, ਮੈਂ ਕਿਸੇ ਤੋਂ ਨਹੀੰ ਡਰਦਾ’। ਹੁਣ ਦੇਖਣਾ ਇਹ ਹੋਵੇਗਾ ਕਿ ਸਿੱਖਿਆ ਵਿਭਾਗ ਅਜਿਹੇ ‘ਸਿਰ ਫਿਰੇ’ ਅਧਿਆਪਕ ਵਿਰੁੱਧ ਕੀ ਕਾਰਵਾਈ ਕਰਦਾ ਹੈ ਅਤੇ ਪੀੜਤ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਇਨਸਾਫ਼ ਦਿਵਾਉੰਦਾ ਹੈ ਜਾਂ ਨਹੀਂ।
ਮਾਮਲੇ ਦੀ ਜਾਂਚ ਕੀਤੀ ਜਾਵੇਗੀ: ਡਿਪਟੀ ਡੀ.ਈ.ਓ.
ਦੂਜੇ ਪਾਸੇ ਸਿੱਖਿਆ ਵਿਭਾਗ ਸੰਗਰੂਰ ਦੇ ਡਿਪਟੀ ਡੀਈਓ ਪ੍ਰੀਤਇੰਦਰ ਘਈ ਨੇ ਫੋਨ ‘ਤੇ ਦੱਸਿਆ ਕਿ ਭੱਟੀਵਾਲ ਕਲਾਂ ਸਕੂਲ ਦਾ ਮਾਮਲਾ ਅੱਜ ਸਵੇਰੇ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ। ਇਸ ਸਬੰਧੀ ਸੋਮਵਾਰ ਨੂੰ ਵਿਭਾਗੀ ਜਾਂਚ ਕਰਵਾਈ ਜਾਵੇਗੀ।